ਮਿਸ਼ਨ 13: ਰਾਹੁਲ ਦੀ ਪੰਜਾਬ ਫੇਰੀ ਅੱਜ ਤੋਂ
ਚੰਡੀਗੜ੍ਹ-ਪੰਜਾਬ ਪ੍ਰਦੇਸ਼ ਕਾਂਗਰਸ ਦੇ ਮਿਸ਼ਨ 13 ਨੂੰ ਸਫਲਤਾ ਮਿਲੇਗੀ ਜਾਂ ਨਹੀਂ ਪਰ ਇਸ ਦੀ ਸਫਲਤਾ ਲਈ ਕਾਂਗਰਸ ਨੇ ਸਾਰੀ ਸ਼ਕਤੀ ਝੋਕ ਦਿੱੱਤੀ ਹੈ ਤੇ ਅਗਲੇ ਤਿੰਨ ਦਿਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਸਮੇਤ ਹੋਰ ਆਗੂ ਸੂਬੇ ਵਿੱਚ ਰੈਲੀਆਂ ਅਤੇ ਰੋਡ ਸ਼ੋਅ ਕਰਕੇ ਕਾਂਗਰਸ ਦੇ ਹੱਕ ਵਿੱਚ ਮਾਹੌਲ ਬਨਾਉਣ ਲਈ ਪੂਰੀ ਵਾਹ ਲਾਉਣਗੇ। ਕਾਂਗਰਸ ਪਾਰਟੀ ਨੇ ਦੋਵੇਂ ਆਗੂਆਂ ਦੀਆਂ ਰੈਲੀਆਂ ਤੇ ਰੋਡ ਸ਼ੋਅ ਦਾ ਵੱਧ ਤੋਂ ਵੱਧ ਲਾਹਾ ਲੈਣ ਦੇ ਨੁਕਤਾ-ਨਜ਼ਰ ਤੋਂ ਥਾਵਾਂ ਦੀ ਚੋਣ ਕੀਤੀ ਹੈ। ਇੱਕ ਰੈਲੀ ਬਰਗਾੜੀ ਵਿੱਚ ਕਰਕੇ ਬੇਅਦਬੀ ਦੇ ਮੁੱਦੇ ਨੂੰ ਭੁਨਾਉਣ ਅਤੇ ਪੀੜਤ ਧਿਰਾਂ ਨੂੰ ਇਨਸਾਫ਼ ਦੇਣ ਦੇ ਇਕਰਾਰ ਨੂੰ ਪੂਰਾ ਕਰਨ ਲਈ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅੁਨਸਾਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 13 ਮਈ ਨੂੰ ਪਹਿਲੀ ਰੈਲੀ ਸ੍ਰੀ ਫਤਿਹਗੜ੍ਹ ਸਾਹਿਬ ਹਲਕੇ ਵਿੱਚ ਪੈਂਦੇ ਖੰਨਾ ਸ਼ਹਿਰ ਵਿੱਚ ਕਰਕੇ ਕਾਂਗਰਸ ਉਮੀਦਵਾਰ ਡਾ. ਅਮਰ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਨੂੰ ਸਿਖ਼ਰ ਉੱਤੇ ਪਹੁੰਚਾਉਣ ਲਈ ਹੰਭਲਾ ਮਾਰਨਗੇ। ਦੂਜੀ ਰੈਲੀ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਕਾਂਗਰਸ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਦੇ ਚੋਣ ਪ੍ਰਚਾਰ ਨੂੰ ਤੇਜ ਕਰਨ ਲਈ ਕਰਨਗੇ। ਇਸ ਤੋਂ ਅਗਲੇ ਦਿਨ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਬਠਿੰਡਾ ਵਿੱਚ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਦੇ ਹੱਕ ਵਿਚ ਰੈਲੀ ਕਰਕੇ ਅਕਾਲੀ-ਭਾਜਪਾ ਉਮੀਦਵਾਰ ਤੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਦੇ ਖਿਲਾਫ਼ ਚੋਣ ਪ੍ਰਚਾਰ ਨੂੰ ਸਿਖਰਾਂ ਉੱਤੇ ਪਹੁੰਚਾਉਣ ਲਈ ਹੰਭਲਾ ਮਾਰਨਗੇ। ਇਸ ਤੋਂ ਬਾਅਦ ਪ੍ਰਿਯੰਕਾ ਗਾਂਧੀ ਬਾਅਦ ਦੁਪਹਿਰ ਪਠਾਨਕੋਟ ਸ਼ਹਿਰ ਵਿੱਚ ਕਾਂਗਰਸ ਉਮੀਦਵਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਹੱਕ ਵਿੱਚ ਰੋਡ ਸ਼ੋਅ ਕਰਕੇ ਭਾਜਪਾ ਉਮੀਦਵਾਰ ਤੇ ਫਿਲਮ ਅਭਿਨੇਤਾ ਸਨੀ ਦਿਓਲ ਦੇ ਪ੍ਰਚਾਰ ਦੀ ਧਾਰ ਖੁੰਢੀ ਕਰਨ ਲਈ ਵਾਹ ਲਾਉਣਗੇ। ਪ੍ਰਾਪਤ ਜਾਣਕਾਰੀ ਅੁਨਸਾਰ ਕਾਂਗਰਸ ਸਰਕਾਰ ਨੇ ਚੋਣਾਂ ਵਿੱਚ ਬਿਹਤਰ ਨਤੀਜੇ ਦੇਣ ਵਾਲੀਆਂ ਪੰਚਾਇਤਾਂ ਨੂੰ ਨਿਵਾਜਣ ਦਾ ਵੀ ਫੈਸਲਾ ਕੀਤਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 15 ਮਈ ਨੂੰ ਬਰਗਾੜੀ ਵਿੱਚ ਕਾਂਗਰਸ ਉਮੀਦਵਾਰ ਮੁਹੰਮਦ ਸਦੀਕ ਦੇ ਹੱਕ ਵਿਚ ਰੈਲੀ ਕਰਕੇ ਵਿਸ਼ੇਸ਼ ਸੁਨੇਹਾ ਦੇਣ ਦਾ ਯਤਨ ਕਰਨਗੇ। ਇਸ ਤੋਂ ਬਾਅਦ ਉਹ ਅਗਲੀ ਰੈਲੀ ਕਾਂਗਰਸ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿਚ ਲੁਧਿਆਣਾ ਵਿੱਚ ਦੁਪਹਿਰ ਨੂੰ ਕਰਨਗੇ।