ਮਾਇਆਵਤੀ ਵੱਲੋਂ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ


ਨਵਾਂ ਸ਼ਹਿਰ-ਪੰਜਾਬ ਜਮਹੂਰੀਅਤ ਗੱਠਜੋੜ ਵੱਲੋਂ ਇੱਥੇ ਕੀਤੀ ਗਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਬਸਪਾ ਸੁਪਰੀਮੋ ਮਾਇਆਵਤੀ ਨੇ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀ ਅਗਵਾਈ ਹੇਠ ਸਰਕਾਰ ਬਣੀ ਤਾਂ ਉਨ੍ਹਾਂ ਵੱਲੋਂ ਘਰ-ਘਰ ਰੁਜ਼ਗਾਰ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ। ਇਹ ਐਲਾਨ ਉਨ੍ਹਾਂ ਪ੍ਰਧਾਨ ਮੰਤਰੀ ਵੱਲੋਂ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇ ਐਲਾਨ ਦੀ ਕਾਟ ਵਜੋਂ ਕੀਤਾ। ਉਨ੍ਹਾਂ ਕਿਹਾ ਕਿ ਬਸਪਾ ਦੀ ਅਗਵਾਈ ਵਾਲੀ ਸਰਕਾਰ ਆਉਣ ’ਤੇ ਨੌਜਵਾਨਾਂ ਲਈ ਸਰਕਾਰੀ ਤੇ ਗ਼ੈਰ ਸਰਕਾਰੀ ਤੌਰ ’ਤੇ ਰੁਜ਼ਗਾਰ ਦੇ ਵਸੀਲੇ ਪੈਦਾ ਕੀਤੇ ਜਾਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਬਸਪਾ ਮੁਫ਼ਤ ਸਰਕਾਰੀ ਸਹੂਲਤਾਂ ਦੇਣ ਦੀ ਬਜਾਏ ਹਰ ਇੱਕ ਨੂੰ ਰੁਜ਼ਗਾਰ ਦੇਣ ’ਚ ਵਿਸ਼ਵਾਸ ਰਖਦੀ ਹੈ। ਉਨ੍ਹਾਂ ਕਾਂਗਰਸ ਦੀ ਨਿੰਦਾ ਕਰਨ ਦੇ ਨਾਲ ਭਾਜਪਾ ਸਰਕਾਰ ਦੀਆਂ ਨਾਕਾਮੀਆਂ ਵੀ ਗਿਣਾਈਆਂ। ਬਸਪਾ ਸੁਪਰੀਮੋ ਨੇ ਕਿਹਾ ਕਿ ਦੇਸ਼ ਅੰਦਰ ਲੰਬਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਸਰਕਾਰ ਅੱਜ ਆਪਣੀ ਵਾਪਸੀ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਆਪਣੀਆਂ ਮਾੜੀਆਂ ਨੀਤੀਆਂ ਤੇ ਮਾੜੇ ਸ਼ਾਸਨਕਾਲ ਕਰਕੇ ਪਹਿਲਾਂ ਸੂਬਿਆਂ ਤੋਂ ਬਾਹਰ ਹੋਈ ਅਤੇ ਇਸ ਵਾਰ ਕੇਂਦਰ ਤੋਂ ਪੱਕੀ ਤਰ੍ਹਾਂ ਸਾਫ਼ ਹੋ ਜਾਵੇਗੀ। ਬਸਪਾ ਦੀ ਸਥਾਪਤੀ ਅਤੇ ਬਾਬੂ ਕਾਂਸ਼ੀ ਰਾਮ ਦੇ ਸੰਘਰਸ਼ ਦੇ ਸਫ਼ਰ ਦਾ ਲੰਬਾ ਸਮਾਂ ਗੁਣਗਾਣ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਬਸਪਾ ਕਾਰਨ ਜਿੱਥੇ ਕਾਂਗਰਸ ਦੀ ਧਾਕ ਤਹਿਸ-ਨਹਿਸ ਹੋਈ ਹੈ ਉਥੇ ਕੇਂਦਰ ’ਚ ਗੱਠਜੋੜ ਸਰਕਾਰਾਂ ਬਣਨ ਦਾ ਦੌਰ ਸ਼ੁਰੂ ਹੋਇਆ। ਇਸ ਲੜੀ ਤਹਿਤ ਵੀਪੀ ਸਿੰਘ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਵੱਲੋਂ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਅਤੇ ਡਾ. ਅੰਬੇਡਕਰ ਨੂੰ ‘ਭਾਰਤ ਰਤਨ’ ਦੇਣ ਦਾ ਸਿਹਰਾ ਉਨ੍ਹਾਂ ਬਸਪਾ ਸਿਰ ਬੰਨ੍ਹਿਆ। ਭਾਜਪਾ ’ਤੇ ਤਿੱਖੇ ਹਮਲੇ ਕਰਦਿਆਂ ਬਸਪਾ ਆਗੂ ਨੇ ਕਿਹਾ ਕਿ ਇਹ ਪਾਰਟੀ ਪੂੰਜੀਪਤੀਆਂ ਦੀ ਖ਼ਿਦਮਤ ਕਰਨ ਵਾਲੀ ਹੈ ਅਤੇ ਉਸ ਦੇ ਪੱਲੇ ਜੁਮਲੇਬਾਜ਼ੀ ਅਤੇ ਨਾਟਕਬਾਜ਼ੀ ਤੋਂ ਬਿਨਾਂ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਰਾਜ ’ਚ ਦੇਸ਼ ਦੀ ਸੁਰੱਖਿਆ ਨੂੰ ਵੀ ਲਗਾਤਾਰ ਖ਼ਤਰਾ ਬਣਿਆ ਰਿਹਾ ਅਤੇ ਸਰਹੱਦਾਂ ਦੇ ਨਾਂ ’ਤੇ ਸਿਆਸਤ ਕੀਤੀ ਜਾਂਦੀ ਰਹੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਨਰਿੰਦਰ ਮੋਦੀ ਵੱਲੋਂ ‘ਚੌਕੀਦਾਰੀ’ ਦਾ ਖੇਡਿਆ ਪੱਤਾ ਨਹੀਂ ਚੱਲਣ ਦਿੱਤਾ ਜਾਵੇਗਾ। ਰੈਲੀ ਦੌਰਾਨ ਪੀਡੀਏ ਆਗੂ ਰਸ਼ਪਾਲ ਰਾਜੂ, ਸੁਖਪਾਲ ਸਿੰਘ ਖਹਿਰਾ, ਸਿਮਰਜੀਤ ਸਿੰਘ ਬੈਂਸ, ਮੰਗਤ ਰਾਮ ਪਾਸਲਾ ਨੇ ਆਪੋ ਆਪਣੇ ਸੰਬੋਧਨ ’ਚ ਪੰਜਾਬ ਦੀ ਕੈਪਟਨ ਸਰਕਾਰ ਅਤੇ ਬਾਦਲ ਦਲ ਨੂੰ ਘੇਰਦਿਆਂ ਕਿਹਾ ਕਿ ਉਨ੍ਹਾਂ ਪੰਜਾਬ ਨੂੰ ਲੁੱਟਣ ਤੇ ਕੁੱਟਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਇਸ ਵਾਰ ਪੀਡੀਏ ਦਾ ਗੱਠਜੋੜ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਜਿੱਤ ਪ੍ਰਾਪਤ ਕਰੇਗਾ।