ਲੋਕ ਸਭਾ ਚੋਣਾਂ: ਛੇਵੇਂ ਗੇੜ ’ਚ 63 ਫੀਸਦ ਪੋਲਿੰਗ

ਨਵੀਂ ਦਿੱਲੀ-ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਤਹਿਤ ਅੱਜ ਸੱਤ ਰਾਜਾਂ ਦੇ 59 ਸੰਸਦੀ ਹਲਕਿਆਂ ਲਈ ਵੋਟਿੰਗ ਦਾ ਕੰਮ ਸਿਰੇ ਚੜ੍ਹ ਗਿਆ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕੁੱਲ ਮਿਲਾ ਕੇ 63 ਫੀਸਦ ਲੋਕਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਪੱਛਮੀ ਬੰਗਾਲ ਵਿੱਚ ਹਿੰਸਾ ਦੇ ਬਾਵਜੂਦ ਸਭ ਤੋਂ ਵਧ 80 ਫੀਸਦ ਪੋਲਿੰਗ ਹੋਈ। ਰਾਜ ਵਿੱਚ ਘਟਾਲ ਲੋਕ ਸਭਾ ਸੀਟ ਤੋਂ ਉਮੀਦਵਾਰ ਤੇ ਸਾਬਕਾ ਆਈਪੀਐਸ ਅਫ਼ਸਰ ’ਤੇ ਕਥਿਤ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਦੋ ਵਾਰ ਹਮਲਾ ਕੀਤਾ। ਉਧਰ ਦਿੱਲੀ ਵਿੱਚ ਵੀਵੀਪੈਟ ਮਸ਼ੀਨਾਂ ਨੂੰ ਨੁਕਸ ਦੇ ਚਲਦਿਆਂ ਬਦਲਣਾ ਪਿਆ ਉਂਜ ਕਈ ਰਾਜਾਂ ਵਿੱਚ ਈਵੀਐਮਜ਼ ’ਚ ਤਕਨੀਕੀ ਨੁਕਸ ਪੈਣ ਦੀਆਂ ਵੀ ਖ਼ਬਰਾਂ ਹਨ। ਬਹੁਤੇ ਰਾਜਾਂ ’ਚ ਦਿਵਿਆਂਗਾਂ ਲਈ ਪੋਲਿੰਗ ਬੂਥਾਂ ’ਚ ਵਿਸ਼ੇਸ਼ ਪ੍ਰਬੰਧ ਸਨ ਤੇ ਪਹਿਲੀ ਵਾਰ ਤੀਜੇ ਲਿੰਗ ਨਾਲ ਸਬੰਧਤ ਲੋਕ ਆਪਣੀ ਸ਼੍ਰੇਣੀ ਹੇਠ ਚੋਣ ਅਮਲ ਦਾ ਹਿੱਸਾ ਬਣ ਕੇ ਖ਼ੁਸ਼ ਹੋਏ। ਅੱਜ ਦਾ ਗੇੜ ਮੁਕੰਮਲ ਹੋਣ ਨਾਲ ਕੇਂਦਰੀ ਮੰਤਰੀਆਂ ਮੇਨਕਾ ਗਾਂਧੀ, ਹਰਸ਼ਵਰਧਨ, ਰਾਧਾ ਮੋਹਨ ਸਿੰਘ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਕਾਂਗਰਸੀ ਆਗੂ ਦਿਗਵਿਜੈ ਸਿੰਘ ਤੇ ਜਿਓਤਿਰਾਦਿੱਤਿਆ ਸਿੰਧੀਆ ਦੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਬੰਦ ਹੋ ਗਈ ਤੇ ਕੁੱਲ 543 ਸੰਸਦੀ ਹਲਕਿਆਂ ’ਚੋਂ 89 ਫੀਸਦ ਸੀਟਾਂ ਲਈ ਵੋਟਿੰਗ ਦਾ ਕੰਮ ਪੂਰਾ ਹੋ ਗਿਆ। ਲੋਕ ਸਭਾ ਚੋਣਾਂ ਦੇ ਆਖਰੀ ਤੇ ਸੱਤਵੇਂ ਗੇੜ ਲਈ ਵੋਟਾਂ ਅਗਲੇ ਐਤਵਾਰ 19 ਮਈ ਨੂੰ ਪੈਣਗੀਆਂ।
ਸੰਸਦੀ ਚੋਣਾਂ ਦੇ ਛੇਵੇਂ ਪੜਾਅ ਤਹਿਤ ਅੱਜ ਬਿਹਾਰ, ਪੱਛਮੀ ਬੰਗਾਲ ਤੇ ਮੱਧ ਪ੍ਰਦੇਸ਼ ਦੀਆਂ ਅੱਠ-ਅੱਠ, ਹਰਿਆਣਾ ਦੀਆਂ ਦਸ, ਦਿੱਲੀ ਦੀਆਂ ਸੱਤ, ਝਾਰਖੰਡ 4 ਤੇ ਉੱਤਰ ਪ੍ਰਦੇਸ਼ ਦੀਆਂ 14 ਸੀਟਾਂ ਲਈ ਵੋਟਿੰਗ ਹੋਈ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪੱਛਮੀ ਬੰਗਾਲ ਵਿੱਚ 80 ਫੀਸਦ ਤੇ ਕੌਮੀ ਰਾਜਧਾਨੀ ਦਿੱਲੀ ਵਿੱਚ ਮਹਿਜ਼ 60 ਫੀਸਦ ਪੋਲਿੰਗ ਹੋਈ। ਪੱਛਮੀ ਬੰਗਾਲ ਵਿੱਚ ਭਾਜਪਾ ਉਮੀਦਵਾਰ ਤੇ ਸਾਬਕਾ ਆਈਪੀਐਸ ਅਧਿਕਾਰੀ ਭਾਰਤੀ ਘੋਸ਼ ’ਤੇ ਮੁਕਾਮੀ ਮਹਿਲਾਵਾਂ ਦੇ ਇਕ ਗਰੁੱਪ ਨੇ ਦੋ ਵਾਰ ਹਮਲਾ ਕੀਤਾ। ਹਮਲੇ ਵਿੱਚ ਘੋੋਸ਼ ਦੇ ਮਾਮੂਲੀ ਸੱਟਾਂ ਵੀ ਲੱਗੀਆਂ। ਘੋਸ਼ ਦੇ ਕਾਫ਼ਲੇ ’ਤੇ ਬੰਬ ਤੇ ਪੱਥਰ ਵੀ ਸੁੱਟੇ ਗਏ। ਹਮਲੇ ’ਚ ਘੋਸ਼ ਦਾ ਡਰਾਈਵਰ ਜ਼ਖ਼ਮੀ ਹੋ ਗਿਆ ਤੇ ਇਕ ਵਾਹਨ ਨੁਕਸਾਨਿਆ ਗਿਆ। ਉੱਤਰ ਪ੍ਰਦੇਸ਼ ਵਿੱਚ 14 ਸੰੰਸਦੀ ਹਲਕਿਆਂ ਲਈ 54 ਫੀਸਦ ਵੋਟਿੰਗ ਹੋਈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਤੇ ਕੇਂਦਰੀ ਮੰਤਰੀ ਮੇਨਕਾ ਗਾਂਧੀ ਕ੍ਰਮਵਾਰ ਆਜ਼ਮਗੜ੍ਹ ਤੇ ਸੁਲਤਾਨਪੁਰ ਤੋਂ ਉਮੀਦਵਾਰ ਹਨ। ਇਸ ਦੌਰਾਨ ਭਦੋਹੀ ਵਿੱਚ ਭਾਜਪਾ ਵਿਧਾਇਕ ਦੀਨਾਨਾਥ ਭਾਸਕਰ ਤੇ ਚਾਰ ਹੋਰਨਾਂ ਨੇ ਔਰਾਈ ਅਸੈਂਬਲੀ ਖੇਤਰ ਵਿੱਚ ਇਕ ਪ੍ਰੀਜ਼ਾਈਡਿੰਗ ਅਫਸਰ ਦੀ ਕਥਿਤ ਕੁੱਟਮਾਰ ਕੀਤੀ। ਰਾਜ ਵਿੱਚ ਕਈ ਪੋਲਿੰਗ ਬੂਥਾਂ ’ਤੇ ਈਵੀਐੱਮਜ਼ ਵਿੱਚ ਵਿਗਾੜ ਪੈਣ ਦੀਆਂ ਵੀ ਖ਼ਬਰਾਂ ਹਨ। 14 ਸੰਸਦੀ ਸੀਟਾਂ ਲਈ ਕੁੱਲ 177 ਉਮੀਦਵਾਰ ਮੈਦਾਨ ਵਿੱਚ ਸਨ। ਕੁੱਲ 2.53 ਕਰੋੜ ਯੋਗ ਵੋਟਰਾਂ ਨੇ 16,998 ਪੋਲਿੰਗ ਕੇਂਦਰਾਂ ’ਤੇ ਵੋਟ ਵਾਈ।